ਲੜਕੀ ਦੇ ਯੌਨ ਸ਼ੋਸ਼ਣ ਮਾਮਲੇ ਵਿਚ ਆਸਾਰਾਮ (ਬਾਪੂ) ਨੂੰ ਹੋਈ ਉਮਰਕੈਦ

972 ‘ਚ ਆਸਾਰਾਮ ਨੇ ਅਹਿਮਦਾਬਾਦ ਤੋਂ ਲੱਗਭਗ 10 ਕਿਲੋਮੀਟਰ ਦੂਰ ਮੋਟੇਰਾ ਕਸਬੇ ‘ਚ ਆਪਣਾ ਪਹਿਲਾ ਆਸ਼ਰਮ ਸ਼ੁਰੂ ਕੀਤਾ ਤੇ ਇਸ ਸਮੇਂ ਦੇਸ਼ ‘ਚ ਉਸ ਦੇ 450 ਤੋਂ ਜ਼ਿਆਦਾ ਆਸ਼ਰਮ ਹਨ।
ਉਸ ਨੇ ਆਪਣੇ ਆਸ਼ਰਮ ‘ਚ ਆਉਣ ਲਈ ਕਮਜ਼ੋਰ ਵਰਗ ਦੇ ਲੋਕਾਂ ਨੂੰ ਆਕਰਸ਼ਿਤ ਕਰਨ ਵਾਸਤੇ ਮੁਫਤ ਭੋਜਨ ਵਰਗੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਤੇ ਦਿਹਾਤੀ ਇਲਾਕਿਆਂ ‘ਚ ਉਸ ਦੇ ਆਸ਼ਰਮਾਂ ਵਿਚ ਦੇਸੀ ਦਵਾਈਆਂ ਵੀ ਵੰਡੀਆਂ ਜਾਂਦੀਆਂ ਹਨ।
ਇਸ ਕੋਲ 10 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਦੀ ਜਾਇਦਾਦ ਹੈ, ਜਿਸ ‘ਚ ਉਸ ਦੀ ਜ਼ਮੀਨ ਦੀ ਕੀਮਤ ਸ਼ਾਮਲ ਨਹੀਂ। ਆਸਾਰਾਮ ਦੇ ਬੇਟੇ ਨਾਰਾਇਣ ਸਾਈਂ ਕੋਲ ਵੀ 2500 ਕਰੋੜ ਰੁਪਏ ਦੀ ਜਾਇਦਾਦ ਹੈ। ਆਸਾਰਾਮ ਦੇ ਰੁਤਬੇ ਦਾ ਅੰਦਾਜ਼ਾ ਇਸੇ ਤੋਂ ਲਾਇਆ ਜਾ ਸਕਦਾ ਹੈ ਕਿ ਕਿਸੇ ਸਮੇਂ ਹਵਾਈ ਅੱਡੇ ‘ਤੇ ਉਸ ਦੀ ਸੁਰੱਖਿਆ ਜਾਂਚ ਨਹੀਂ ਹੁੰਦੀ ਸੀ।


21 ਅਗਸਤ 2013 ਨੂੰ ਆਸਾਰਾਮ ਦੇ ਛਿੰਦਵਾੜਾ ‘ਚ ਸਥਿਤ ਗੁਰੂਕੁਲ ਵਿਚ ਪੜ੍ਹਨ ਵਾਲੀ ਇਕ 16 ਸਾਲਾ ਲੜਕੀ ਨੇ ਉਸ ਵਿਰੁੱਧ ਨਵੀਂ ਦਿੱਲੀ ਦੇ ਕਮਲਾ ਮਾਰਕੀਟ ਥਾਣੇ ‘ਚ ਰਾਤ 2 ਵਜੇ ਯੌਨ ਸ਼ੋਸ਼ਣ ਦੀ ਸ਼ਿਕਾਇਤ ਦਰਜ ਕਰਵਾਈ, ਜਿਸ ‘ਚ ਉਸ ਨੇ ਕਿਹਾ :
”ਮੈਨੂੰ ਦੌਰੇ ਪੈਂਦੇ ਸਨ। ਗੁਰੂਕੁਲ ਦੀ ਇਕ ਅਧਿਆਪਕਾ ਨੇ ਮੇਰੇ ਮਾਤਾ-ਪਿਤਾ ਨੂੰ ਕਿਹਾ ਕਿ ਆਸਾਰਾਮ ਤੋਂ ਇਲਾਜ ਕਰਵਾਓ। ਆਸਾਰਾਮ ਨੇ ਮੈਨੂੰ ਜੋਧਪੁਰ ਨੇੜੇ ਫਾਰਮ ਹਾਊਸ ‘ਚ ਬੁਲਾਇਆ, ਉਥੇ ਮੇਰੇ ਮਾਤਾ-ਪਿਤਾ ਨੂੰ ਬਾਹਰ ਰੋਕ ਦਿੱਤਾ ਗਿਆ ਅਤੇ ਉਨ੍ਹਾਂ ਨੂੰ ਕਿਹਾ ਗਿਆ ਕਿ ਆਸਾਰਾਮ ਵਿਸ਼ੇਸ਼ ਢੰਗ ਨਾਲ ਮੇਰਾ ਇਲਾਜ ਕਰੇਗਾ। ਇਸ ਤੋਂ ਬਾਅਦ ਮੈਨੂੰ ਇਕ ਕਮਰੇ ਵਿਚ ਭੇਜ ਦਿੱਤਾ ਗਿਆ। ਉਥੇ ਆਸਾਰਾਮ ਪਹਿਲਾਂ ਤੋਂ ਮੌਜੂਦ ਸੀ।
ਜਿਵੇਂ ਹੀ ਮੈਂ ਕਮਰੇ ਵਿਚ ਗਈ, ਉਸ ਨੇ ਕਮਰੇ ਦੀਆਂ ਬੱਤੀਆਂ ਬੁਝਾ ਦਿੱਤੀਆਂ। ਆਸਾਰਾਮ ਨਗਨ ਅਵਸਥਾ ‘ਚ ਸੀ। ਉਸ ਨੇ ਕਮਰਾ ਬੰਦ ਕਰ ਦਿੱਤਾ ਤੇ ਮੇਰੇ ਨਾਲ ਛੇੜਖਾਨੀ ਸ਼ੁਰੂ ਕਰ ਦਿੱਤੀ। ਮੈਂ ਚਿੱਲਾਉਣਾ ਸ਼ੁਰੂ ਕੀਤਾ ਤਾਂ ਮੇਰੇ ਮਾਤਾ-ਪਿਤਾ ਨੂੰ ਮਾਰਨ ਦੀ ਧਮਕੀ ਦੇਣ ਲੱਗਾ ਅਤੇ ਮੇਰਾ ਮੂੰਹ ਬੰਦ ਕਰ ਦਿੱਤਾ। ਉਸ ਨੇ ਮੈਨੂੰ ਚੁੰਮਿਆ ਅਤੇ ਇਤਰਾਜ਼ਯੋਗ ਢੰਗ ਨਾਲ ਛੂਹਿਆ। ਉਸ ਨੇ ਮੈਨੂੰ ਓਰਲ ਸੈਕਸ ਲਈ ਕਿਹਾ ਪਰ ਮੈਂ ਮਨ੍ਹਾ ਕਰ ਦਿੱਤਾ।”
ਪੀੜਤਾ ਦਾ ਕਲਮਬੱਧ ਬਿਆਨ ਲੈ ਕੇ ਸਾਰਾ ਮਾਮਲਾ ਰਾਜਸਥਾਨ ਪੁਲਸ ਨੂੰ ਟਰਾਂਸਫਰ ਕਰ ਦਿੱਤਾ ਗਿਆ, ਜੋ 1 ਸਤੰਬਰ ਨੂੰ ਆਸਾਰਾਮ ਨੂੰ ਗ੍ਰਿਫਤਾਰ ਕਰ ਕੇ ਜੋਧਪੁਰ ਲੈ ਗਈ। ਉਦੋਂ ਤੋਂ ਉਹ ਜੋਧਪੁਰ ਸੈਂਟਰਲ ਜੇਲ ਵਿਚ ਹੀ ਬੰਦ ਸੀ ਤੇ ਕੇਸ ਦੀ ਪੜਤਾਲ ਦੌਰਾਨ ਆਸਾਰਾਮ ਦੀ ਸ਼ਖਸੀਅਤ ਦੇ ਸਬੰਧ ‘ਚ ਕਈ ਖੁਲਾਸੇ ਹੋਏ :


* ਇਕ ਹੋਰ ਲੜਕੀ ਅਨੁਸਾਰ ਆਸਾਰਾਮ ਹਮੇਸ਼ਾ ਘੱਟ ਉਮਰ ਦੀਆਂ ਕੁੜੀਆਂ ਨਾਲ ਕੁਕਰਮ ਅਤੇ ਗਲਤ ਹਰਕਤਾਂ ਕਰਦਾ ਆਇਆ ਹੈ ਅਤੇ ਉਹ ਉਸ ਦੀ ਵਾਸਨਾ ਦਾ ਸ਼ਿਕਾਰ ਹੁੰਦੇ-ਹੁੰਦੇ ਬਚੀ। ਆਸਾਰਾਮ ਨੇ ਆਸ਼ੀਰਵਾਦ ਦੇਣ ਦੇ ਬਹਾਨੇ ਉਸ ਦੇ ਨਿੱਜੀ ਅੰਗਾਂ ਨੂੰ ਛੂਹਿਆ।
* ਆਸਾਰਾਮ ਦੇ ਰਾਜ਼ਦਾਰ ਅਤੇ ਖਾਸ ਸੇਵਕ ਸ਼ਿਵਾ ਅਨੁਸਾਰ ਜੇ ਕੋਈ ਕੁੜੀ ਉਸ ਨੂੰ ਪਸੰਦ ਆ ਜਾਂਦੀ ਤਾਂ ਉਹ ‘ਸੰਕੇਤਕ ਭਾਸ਼ਾ’ ਵਿਚ ਗੱਲ ਕਰਨ ਲੱਗਦਾ ਤੇ ਔਰਤਾਂ ਨੂੰ ਮਿਲਣ ਲਈ ਖਾਸ ਨਾਂ ਇਸਤੇਮਾਲ ਕਰਦਾ, ਜਿਵੇਂ ‘ਧਿਆਨ ਕੀ ਕੁਟੀਆ’। ਉਥੇ ਰੰਗਰਲੀਆਂ ਲਈ ਸਾਰੀਆਂ ਸਹੂਲਤਾਂ ਮੌਜੂਦ ਹੁੰਦੀਆਂ ਸਨ। ਪੁਲਸ ਨੂੰ ਇਕ ਵੀਡੀਓ ਮਿਲਿਆ ਹੈ, ਜਿਸ ‘ਚ ਉਹ ਇਕ ਕੁੜੀ ਦੇ ਅੰਗਾਂ ‘ਤੇ ਹੱਥ ਫੇਰ ਰਿਹਾ ਹੈ।
ਆਸਾਰਾਮ ਨੇ ਕੇਸ ਲੜਨ ਲਈ ਰਾਮ ਜੇਠਮਲਾਨੀ, ਸੁਬਰਾਮਣੀਅਮ ਸਵਾਮੀ, ਸਲਮਾਨ ਖੁਰਸ਼ੀਦ ਆਦਿ 14 ਵਕੀਲਾਂ ਦੀਆਂ ਸੇਵਾਵਾਂ ਲਈਆਂ। ਉਸ ਦੀ ਜ਼ਮਾਨਤ ਦੀ ਅਰਜ਼ੀ 12 ਵਾਰ ਖਾਰਿਜ ਹੋਈ ਤੇ ਮੁਕੱਦਮੇ ਦੀ ਸੁਣਵਾਈ ਦੌਰਾਨ ਆਸਾਰਾਮ ਵਿਰੁੱਧ ਗਵਾਹੀ ਦੇਣ ਵਾਲੇ 9 ਗਵਾਹਾਂ ‘ਤੇ ਹਮਲੇ ਹੋਏ, ਜਿਨ੍ਹਾਂ ‘ਚੋਂ 3 ਦੀ ਮੌਤ ਹੋ ਚੁੱਕੀ ਹੈ।
ਫੈਸਲੇ ਦੀ ਰਾਤ ਆਸਾਰਾਮ ਸੌਂ ਨਹੀਂ ਸਕਿਆ ਅਤੇ ‘ਰਾਮ’ ਦਾ ਨਾਂ ਜਪਦਾ ਰਿਹਾ ਅਤੇ 25 ਅਪ੍ਰੈਲ ਨੂੰ ਫੈਸਲਾ ਸੁਣਨ ਲਈ ਐੱਸ. ਸੀ./ਐੱਸ. ਟੀ. ਅਦਾਲਤ ਦੇ ਪ੍ਰੀਜ਼ਾਈਡਿੰਗ ਅਫਸਰ ਮਧੂਸੂਦਨ ਸ਼ਰਮਾ ਸਾਹਮਣੇ ਤੈਅ ਸਮੇਂ ਤੋਂ 15 ਮਿੰਟ ਲੇਟ ਪਹੁੰਚਿਆ।
ਜਦੋਂ ਆਸਾਰਾਮ ਦੇ ਵਕੀਲ ਨੇ ਸ਼੍ਰੀ ਸ਼ਰਮਾ ਨੂੰ ਕਿਹਾ ਕਿ ”ਅਸੀਂ ਤੁਹਾਨੂੰ ਕੁਝ ਕਹਿਣਾ ਚਾਹੁੰਦੇ ਹਾਂ” ਤਾਂ ਸ਼੍ਰੀ ਸ਼ਰਮਾ ਨੇ ਜਵਾਬ ਦਿੱਤਾ ਕਿ ”ਹੁਣ ਕੁਝ ਨਹੀਂ ਸੁਣਨਾ ਹੈ। ਕੇਸ ਦੀ ਸੁਣਵਾਈ ਪੂਰੀ ਹੋ ਚੁੱਕੀ ਹੈ ਤੇ ਹੁਣ ਸਿਰਫ ਫੈਸਲਾ ਸੁਣਾਉਣ ਦਾ ਸਮਾਂ ਹੈ।”
ਇਸ ਤੋਂ ਬਾਅਦ ਸ਼੍ਰੀ ਸ਼ਰਮਾ ਨੇ ਆਪਣੇ ਸਟੈਨੋ ਤੋਂ ਲੱਗਭਗ 2 ਪੇਜ ਟਾਈਪ ਕਰਵਾਏ ਤੇ ਕੁਝ ਦੇਰ ਬਾਅਦ ਆਸਾਰਾਮ ਨੂੰ ਦੋਸ਼ੀ ਕਰਾਰ ਦਿੰਦਿਆਂ ਉਮਰਕੈਦ ਤੇ ਉਸ ਦੀ ਰਾਜ਼ਦਾਰ ਸ਼ਿਲਪੀ ਤੇ ਸ਼ਰਤਚੰਦਰ ਨੂੰ 20-20 ਸਾਲ ਕੈਦ ਦੀ ਸਜ਼ਾ ਸੁਣਾ ਦਿੱਤੀ।
ਦੋਸ਼ੀ ਕਰਾਰ ਦਿੱਤੇ ਜਾਣ ‘ਤੇ ਆਸਾਰਾਮ ਸਿਰ ਫੜ ਕੇ ਬੈਠ ਗਿਆ ਤੇ ਰਾਮ ਨਾਮ ਦਾ ਜਾਪ ਕਰਨ ਲੱਗਾ ਤੇ ਉਮਰਕੈਦ ਦੀ ਸਜ਼ਾ ਸੁਣਦਿਆਂ ਹੀ ਉਸਦੀਆਂ ਅੱਖਾਂ ‘ਚੋਂ ਹੰਝੂ ਵਗ ਪਏ। ਆਸਾਰਾਮ ਨੇ ਵੀ ਕਿਹਾ ਕਿ ਉਹ ਬੁੱਢਾ ਹੋ ਗਿਆ ਹੈ, ਉਸ ‘ਤੇ ਰਹਿਮ ਕੀਤਾ ਜਾਵੇ ਪਰ ਜੱਜ ਨੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ।
ਫਿਲਹਾਲ ਆਸਾਰਾਮ ਵਿਰੁੱਧ ਇਕ ਕੇਸ ਦਾ ਤਾਂ ਫੈਸਲਾ ਹੋ ਗਿਆ ਪਰ ਕਹਾਣੀ ਅਜੇ ਖਤਮ ਨਹੀਂ ਹੋਈ ਹੈ। ਸੂਰਤ ਦੀਆਂ 2 ਭੈਣਾਂ ਨੇ ਵੀ ਆਸਾਰਾਮ ਅਤੇ ਨਾਰਾਇਣ ਸਾਈਂ ‘ਤੇ ਯੌਨ ਸੋਸ਼ਣ ਦਾ ਦੋਸ਼ ਲਾਇਆ ਹੋਇਆ ਹੈ ਤੇ ਗਾਂਧੀਨਗਰ ਦੀ ਅਦਾਲਤ ‘ਚ ਆਸਾਰਾਮ ਵਿਰੁੱਧ ਇਹ ਮਾਮਲਾ ਚੱਲ ਰਿਹਾ ਹੈ। ਲਿਹਾਜ਼ਾ ਆਸਾਰਾਮ ਦੀਆਂ ਮੁਸ਼ਕਿਲਾਂ ਹੁਣ ਖਤਮ ਹੁੰਦੀਆਂ ਦਿਖਾਈ  ਨਹੀਂ ਦਿੰਦੀਆਂ।

Leave a Reply

Your email address will not be published. Required fields are marked *